Friday, August 23, 2019
Home > News > ਪਾਕਿਸਤਾਨ ਦੇ ਇਸ ਫੈਸਲੇ ਦਾ ਪੰਜਾਬੀਆਂ ਨੂੰ ਮਿਲੇਗਾ ਵੱਡਾ ਫਾਇਦਾ

ਪਾਕਿਸਤਾਨ ਦੇ ਇਸ ਫੈਸਲੇ ਦਾ ਪੰਜਾਬੀਆਂ ਨੂੰ ਮਿਲੇਗਾ ਵੱਡਾ ਫਾਇਦਾ

ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਵਾਈ ਉਡਾਣਾਂ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ. ਜਿਸ ਨਾਲ ਪੰਜਾਬੀਆਂ ਨੂੰ ਵੀ ਕਾਫੀ ਲਾਹਾ ਹੋਵੇਗਾ । ਦਰਅਸਲ, ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਬੰਦ ਹੋਈਆਂ ਤੇ ਤਬਦੀਲ ਹੋਈਆਂ ਕਈ ਕੌਮਾਂਤਰੀ ਉਡਾਣਾਂ ਮੁੜ ਤੋਂ ਸ਼ੁਰੂ ਹੋਣਗੀਆਂ ।ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿੱਚ ਕੀਤੀ ਗਈ ਏਅਰਸਟ੍ਰਾਈਕ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਸੀ ।

ਜਿਸ ਤੋਂ ਬਾਅਦ 26 ਫਰਵਰੀ ਨੂੰ ਪਾਕਿਸਤਾਨ ਸਰਕਾਰ ਵਲੋਂ ਆਪਣੇ ਦੇਸ਼ ਦਾ ਹਵਾਈ ਲਾਂਘਾ ਭਾਰਤ ਵਿੱਚ ਆਉਣ ਵਾਲੇ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਸੀ ।ਪਾਕਿਸਤਾਨ ਦੇ ਇਸ ਫੈਸਲੇ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੱਤ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ ਸਨ । ਜਿਸ ਵਿੱਚ ਦੋ ਉਡਾਣਾਂ ਤਾਂ ਰੱਦ ਹੋ ਗਈਆਂ ਸਨ ਤੇ ਪੰਜ ਉਡਾਣਾਂ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ ।ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਹਵਾਈ ਲਾਂਘਾ ਵਰਤਣ ’ਤੇ ਲਗਾਈ ਗਈ ਰੋਕ ਖਤਮ ਕੀਤੇ ਜਾਣ ਤੋਂ ਬਾਅਦ ਹਵਾਈ ਕੰਪਨੀਆਂ ਵੱਲੋਂ ਬੰਦ ਕੀਤੀਆਂ ਤੇ ਤਬਦੀਲ ਕੀਤੀਆਂ ਉਡਾਣਾਂ ਜਲਦੀ ਹੀ ਬਹਾਲ ਕਰ ਦਿੱਤੀਆਂ ਜਾਣਗੀਆਂ । ਜਿਸ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ ਤੇ ਹਵਾਈ ਅੱਡੇ ’ਤੇ ਯਾਤਰੀਆਂ ਦੀ ਆਮਦ ਵੀ ਪਹਿਲਾਂ ਵਾਂਗ ਹੋ ਜਾਵੇਗੀ ।

ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਹਵਾਈ ਲਾਂਘਾ ਵਰਤਣ ’ਤੇ ਲਗਾਈ ਗਈ ਰੋਕ ਤੋਂ ਬਾਅਦ ਏਅਰ ਇੰਡੀਆ ਹਵਾਈ ਕੰਪਨੀ ਦੀ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਤੇ ਤੁਰਕਮੇਨਿਸਤਾਨ ਹਵਾਈ ਕੰਪਨੀ ਦੀ ਅੰਮ੍ਰਿਤਸਰ-ਅਸ਼ਕਾਬਾਦ-ਬਰਮਿੰਘਮ ਉਡਾਣ ਰੱਦ ਹੋ ਗਈ ਸੀ ।ਇਸ ਤੋਂ ਇਲਾਵਾ ਉਜਬੇਕਿਸਤਾਨ ਹਵਾਈ ਕੰਪਨੀ ਦੀ ਅੰਮ੍ਰਿਤਸਰ-ਤਾਸ਼ਕੰਦ ਤੇ ਕਤਰ ਹਵਾਈ ਕੰਪਨੀ ਦੀ ਅੰਮ੍ਰਿਤਸਰ-ਦੋਹਾ ਉਡਾਣ ਨੂੰ ਬਾਰਸਤਾ ਮੁੰਬਈ ਚਲਾਇਆ ਜਾ ਰਿਹਾ ਹੈ ।

Leave a Reply

Your email address will not be published. Required fields are marked *