Categories
News

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਚ ਸਤਲੁਜ ਦਰਿਆ ਕੀਤਾ ਜਾਵੇਗਾ ਸਾਫ, ਦੇਖੋ ਪੂਰੀ ਖਬਰ

ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ #ਸਤਲੁਜ ਦਰਿਆ । NRI ਵੀਰਾ ਨੂੰ ਵੀ ਅੱਗੇ ਆਉਣ ਦੀ ਅਪੀਲ । ਹੜ੍ਹ ਪੀੜਤਾਂ ਦੀ ਮੱਦਦ ਨਾਲ 50 ਕਿਲੋਮੀਟਰ ਤੱਕ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਦਾ ਫੈਸਲਾ ਇੱਕ ਹਮਦਰਦੀ ਧੁੱਸੀ ਬੰਨ੍ਹ ਤੇ ਲਗਾਉਣ ਦਾ ਸੱਦਾ ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੇ ਸਤਲੁਜ ਦਰਿਆ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ ਤੇ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇਗਾ। ਪਿਛਲੇ ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਕਿਨਾਰਿਆਤੇ ਵੱਸਣ ਵਾਲੇ

ਪਿੰਡਾਂ ਦੀਆਂ ਮੀਟਿੰਗਾਂ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਚਲਾ ਰਹੇ ਸੰਤ ਸੀਚੇਵਾਲ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ।ਇੰਨ੍ਹਾਂ ਮੀਟਿੰਗਾਂ ਵਿੱਚ ਲੋਕ ਭਰਵਾਂ ਹੁੰਗਾਰਾ ਦੇ ਰਹੇ ਹਨ । ਸੰਤ ਸੀਚੇਵਾਲ ਨੂੰ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸਰਦੀਆਂ ਦੇ ਮੌਸਮ ਦੌਰਾਨ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਉਣ ਲਈ ਤਿਆਰ ਰਹਿਣਗੇ।ਸੰਤ ਸੀਚੇਵਾਲ ਨੇ ਦੱਸਿਆ ਕਿ 7 ਕਿਲੋਮੀਟਰ ਤੱਕ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਹੀ 50 ਕਿਲੋਮੀਟਰ ਲੰਮੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਮੁਸੀਬਤ ਵੇਲੇ ਹਮਦਰਦੀ ਦਿਖਾਉਣ ਨਾਲੋਂ ਇੱਕ ਹਮਦਰਦੀ ਬੰਨ੍ਹ `ਤੇ ਲਾ ਦਿੱਤੀ ਜਾਵੇ ਤਾਂ ਜੋ ਨੁਕਸਾਨ ਤੋਂ ਪਹਿਲਾਂ ਹੀ ਬਚਾਅ ਹੋ ਸਕੇ।

ਇਸ ਮੌਕੇ ਐਨਆਰਆਈ ਨਿਰਮਲ ਸਿੰਘ ਕੰਗ ਨੇ ਇੱਕ ਲੱਖ ਰੁਪਏ ਤੇਲ ਲਈ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੰਨ੍ਹ ਮਜ਼ਬੂਤ ਕਰਨ ਲਈ ਚੱਲ ਰਹੀ ਮਸ਼ਨੀਰੀ ਵਿੱਚ ਤੇਲ ਪਾਉਣ ਲਈ ਆਪਣਾ ਯੋਗਦਾਨ ਪਾਉਣ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਦੋ ਕਰੇਨਾਂ ਮਿੱਟੀ ਪੁੱਟਣ ਲਈ ਲਾਈਆਂ ਹੋਈਆਂ ਹਨ ਤੇ ਤੀਜੀ ਮਸ਼ੀਨ ਵੀ ਜਲਦੀ ਹੀ ਕੰਮ `ਤੇ ਲਾ ਦਿੱਤੀ ਜਾਵੇਗੀ। ਕਿਸਾਨਾਂ ਨੇ ਪ੍ਰਤੀ ਏਕੜ 500 ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪਿੰਡ ਜਾਣੀਆ ਚਾਹਲ ਬੰਨ ਦਾ ਦੌਰਾ ਕੀਤਾ। ਮਿੱਟੀ ਪਾ ਕੇ ਮਜ਼ਬੂਤ ਕੀਤੇ ਗਏ ਬੰਨ੍ਹ ਨੂੰ ਦੇਖਿਆ ।

ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਲੋਕ ਲਗਾਤਾਰ ਇਸ ਬੰਨ੍ਹ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਤ ਸੀਚੇਵਾਲ ਜੀ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ ਜਿੰਨ੍ਹਾਂ ਨੇ ਦਿਨਰਾਤ ਇੱਕ ਕਰਕੇ ਬੰਨ ਦੀ ਮਜ਼ਬੂਤੀ ਲਈ ਆਪਣੇ ਸੇਵਾਦਾਰਾਂ ਅਤੇ ਪੀੜਤ ਲੋਕਾਂ ਨੂੰ ਨਾਲ ਲੈਕੇ ਕੰਮ ਕੀਤਾ ਸੀ। ਹੁਣ ਵੀ ਬੰਨ ਦੀ ਮਜ਼ਬੂਤੀ ਲਈ ਕੰਮ ਲਗਾਤਾਰ ਚੱਲ ਰਿਹਾ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬੰਨ੍ਹ ਦੁਆਲੇ ਹੋਏ ਨਜਾਇਜ਼ ਕਬਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਲੋਕਾਂ ਨੇ ਇਕਸੁਰ ਹੁੰਦਿਆਂ ਮੰਗ ਕੀਤੀ ਕਿ ਦਰਿਆ ਵਿਚੋਂ ਮਿੱਟੀ ਕੱਢਣ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਕਿਸਾਨ ਆਪ ਹੀ ਇਸ ਬੰਨ੍ਹ ਨੂੰ ਮਜ਼ਬੂਤ ਕਰ ਸਕਣ ਤੇ ਦਰਿਆ ਨੂੰ ਵੀ ਸਾਫ ਕਰ ਸਕਣ।ਐਨਆਰਆਈ ਅਤੇ ਆਪ ਦੇ ਆਗੂ ਰਤਨ ਸਿੰਘ ਕਾਕੜਕਲਾਂ ਨੇ ਆਪਣੀ 10 ਏਕੜ ਜ਼ਮੀਨ ਵਿੱਚੋਂ ਮਿੱਟੀ ਦੀਆਂ 2500 ਟਰਾਲੀਆਂ ਚੁੱਕਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣਾ ਟ੍ਰੈਕਟਰ ਟਰਾਲੀ ਵੀ ਸੇਵਾ ਲਈ ਦੇਣ ਦਾ ਐਲਾਨ ਕੀਤਾ।

ਪਿੰਡਾਂ ਵਾਲਿਆਂ ਨੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਲਾਕਾ ਵੰਡ ਕੇ ਮਜ਼ਬੂਤ ਕਰਨ ਦੀ ਰਣਨੀਤੀ ਤੈਅ ਕੀਤੀ। ਦੋ ਦਿਨਾਂ ਦੀਆਂ ਮੀਟਿੰਗਾਂ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਪੰਚ-ਸਰਪੰਚ ਤੇ ਹੜ੍ਹ ਪੀੜਤ ਲੋਕ ਆਏ ਹੋਏ ਸਨ। ਇਨ੍ਹਾਂ ਵਿਚ ਰਾਜੇਵਾਲ, ਬਾਹਮਣੀਆਂ,ਜਾਣੀਆ ਚਾਹਲ, ਜਾਣੀਆ, ਮਹਿਰਾਜਵਾਲਾ, ਚੱਕ ਬੁੰਡਾਲਾ, ਫਤਿਹਪੁਰ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਲੋਕਾਂ ਸਾਹਮਣੇ ਰੱਖੀਆਂ। ਜ਼ਿਲ੍ਹਾ ਪਰੀਸ਼ਦ ਮੈਂਬਰ ਦਲਜੀਤ ਸਿੰਘ, ਬਚਿੱਤਰ ਸਿੰਘ ਕੋਹਾੜ, ਤੇਗਾ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਕੁਲਵੰਤ ਸਿੰਘ, ਮੱਘਰ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਮਨਦੀਪ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *